ਲੇਖ » ਵੀਡੀਓ

ਦੋ ਇਲਾਹੀ ਦਿਨ

January 11, 2021 | By

ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਅਸੀਂ ਏਅਰਪੋਰਟ ਨੂੰ ਨਿਕਲ ਪਏ ਅੱਜ ਅਸੀਂ ਕਾਫੀ ਪੈਦਲ ਘੁੰਮੇ ਸੀ ਅਤੇ ਕਾਫੀ ਦੇਰ ਖੱੜ ਕੇ ਵੀ ਸੇਵਾ ਕੀਤੀ ਸੀ। ਜਦ ਤੱਕ ਅਸੀਂ ਆਪਣੀ ਫਲਾਈਟ ਦੇ ਗੇਟ ਤੱਕ ਪਹੁੰਚੇ ਸਾਡੀਆਂ ਲੱਤਾਂ ਜਵਾਬ ਦੇ ਚੁੱਕੀਆਂ ਸਨ। ਸਾਨੂੰ ਪੂਰੀ ਉਮੀਦ ਸੀ ਕਿ ਫਲਾਈਟ ਵਿਚ ਬੈਠਦੇ ਹੀ ਸਾਨੂੰ ਨੀਂਦ ਆ ਜਾਵੇਗੀ। ਤਕਰੀਬਨ ਰਾਤ ਦੇ ਸਾਢੇ ਨੌਂ ਵੱਜੇ ਅਸੀਂ ਫਲਾਈਟ ਵਿਚ ਬੈਠ ਗਏ ਸਾਂ ।ਮੈਂ ਅੱਖਾਂ ਮੀਟ ਲਈਆਂ, ਪਰ ਨੀਂਦ ਜਿਵੇਂ ਰੁਸ ਕੇ ਪੁੱਛ ਰਹੀ ਸੀ ਕਿ ਕਿਉਂ ਜਾ ਰਿਹਾ ਹੈਂ। ਪਿਛਲੇ ਦੋ ਦਿੰਨਾ ਦੇ ਦ੍ਰਿਸ਼ , ਅਵਾਜਾਂ ਅਤੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੀਆਂ ਸਨ। ਜਿਨ੍ਹਾਂ ਅਸੂਲਾਂ ਬਾਰੇ ਪੜ੍ਹਿਆ ਸੀ, ਸੁਣਿਆ ਸੀ; ਅੱਜ ਅੱਸੀਂ ਓਹ ਅਸੂਲ, ਓਹ ਜਜ਼ਬਾ ਵੇਖ ਕੇ ਆਏ ਸਾਂ।

ਇਕ ਦਿਨ ਪਹਿਲਾਂ ਅਸੀਂ ਸਵੇਰੇ ੧੦ ਵੱਜੇ ਦਿੱਲੀ ਏਅਰਪੋਰਟ ਪਹੁੰਚ ਗਏ ਸੀ। ਸਾਡਾ ਮਿੱਤਰ ਸਾਨੂੰ ਲੈਣ ਆ ਗਿਆ ਸੀ । ਉਸਨੇ ਗੱਡੀ ਦੀ ਡਿੱਕੀ ਖੋਲੀ ਤੇ ਦੋ ਕੰਬਲ ਦਿੱਸੇ। ਸਾਨੂੰ ਡਰ ਸੀ ਕਿ ਰਾਤੀਂ ਪਤਾ ਨਹੀਂ ਕੰਬਲ ਮਿਲਣਗੇ ਕੇ ਨਹੀਂ, ਸੌਣ ਦਾ ਕੋਈ ਇੰਤਜਾਮ ਹੋ ਪਾਵੇਗਾ ਜਾਂ ਕਾਰ ਵਿਚ ਹੀ ਸਾਉਂਣਾ ਪਵੇਗਾ। ਅੱਸੀ ਗੱਲਾਂ ਮਾਰਦੇ ਦੁਪਹਿਰੇ ਇਕ ਵਜੇ ਤਕ ਸਿੰਘੂ ਬਾਰਡਰ ਪਹੁੰਚ ਗਏ। ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ, ਕਿਸਾਨਾਂ ਨੇ ਨਗਰ ਕੀਰਤਨ ਕੱਢਿਆ ਸੀ , ਸੋ ਟ੍ਰੈਫਿਕ ਵੀ ਕਾਫੀ ਖੜ ਗਿਆ ਸੀ  ਅਸੀਂ ਜਗ੍ਹਾ ਲੱਭ ਕੇ ਗੱਡੀ ਖੜਾਈ ਤੇ ਪੈਦਲ ਮੋਰਚਾ ਘੁੰਮਣ ਲੱਗੇ।

ਮੋਰਚੇ ਦੇ ਸਭ ਤੋਂ ਅੱਗੇ ਨਿਹੰਗ ਸਿੰਘਾਂ ਨੇ ਡੇਰਾ ਲਾਇਆ ਸੀ। ਨਿਹੰਗ ਸਿੰਘਾਂ ਨੇ ਇਥੇ, ਇਕ ਸੋਹਣੀ ਜਿਹੀ ਬੱਸ ਵਿਚ ਗੁਰੂਦਵਾਰਾ ਸਾਹਿਬ ਵੀ ਸਜਾ ਲਿਆ ਸੀ । ਇਕ ਪਾਸੇ ਉਹਨਾਂ ਦੇ ਤੰਬੂ ਸਨ ਤੇ ਦੂਜੇ ਪਾਸੇ ਘੋੜੇ ਤੇ ਘੋੜਿਆਂ ਦੇ ਖਾਣ ਦਾ ਸਮਾਨ। ਜੇ ਕੋਈ ਆਮ ਜਥੇਬੰਦੀ ਹੁੰਦੀ ਤਾਂ ਮੇਨ ਸਟੇਜ ਤੋਂ ਵੀ ਅੱਗੇ ਡੇਰਾ ਲਾਉਣ ਲਈ ਕਿਸਾਨ ਆਗੂਆਂ ਤੋਂ ਪਰਮਿਸ਼ਨ ਲੈਂਦੀ ਅਤੇ ਮੈਨੂੰ ਪੂਰਾ ਯਕੀਨ ਹੈ ਓਹੋ ਵੀ ਮੰਜੂਰ ਨਾ ਹੁੰਦੀ ਪਰ ਲੱਗਦਾ ਗੁਰੂ ਸਾਹਿਬ ਦੀ ਇਸ ਲਾਡਲੀ ਫੌਜ ਨੇ ਬਿਨਾ ਕਿਸੇ ਦੁਨਿਆਵੀ ਈਨ ਨੂੰ ਮੰਨੇ ਆਪਣੇ ਡੇਰੇ ਇਸ ਸਥਾਨ ਤੇ ਆਪ ਹੀ ਲਾਏ ਸਨ। ਮੰਨ ਵਿਚ ਖਾਲਸਾ ਅਕਾਲ ਪੁਰਖ ਕੀ ਫੌਜ ਵਾਲੀ ਤੁਕ ਗੂੰਝ ਰਹੀ ਸੀ। ਮੋਬਾਈਲ ਗੁਰੂਦਵਾਰਾ ਸਾਹਿਬ ਨੂੰ ਨਤਮਸਤਕ ਹੋ ਕੇ ਅਸੀਂ ਅੱਗੇ ਵਧੇ।

ਚਲਦੇ ਚਲਦੇ ਅਸੀਂ ਸਟੇਜ ਨੇੜੇ ਆ ਗਏ। ਸਟੇਜ ਉਤੇ ਕਈ ਕਵੀ ਜੋਸ਼ ਭਰੀਆਂ ਕਵਿਤਾਵਾਂ ਤੇ ਗੀਤ ਗਾ ਰਹੇ ਸਨ। ਕੁਝ ਸੂਝਵਾਨ ਬੁਲਾਰੇ ਵੀ ਲੈਕਚਰ ਕਰ ਰਹੇ ਸਨ । ਸਾਡੀ ਨਜ਼ਰ ਸਟੇਜ ਦੇ ਨਾਲ ਹੀ ਹੋ ਰਹੇ ਸਿੱਖੀ ਦੇ ਅਸੂਲਾਂ ਦੇ ਇਕ ਮੁਜਾਹਿਰੇ ਵੱਲ ਗਈ। ਨਮਾਜ ਦਾ ਸਮਾਂ ਸੀ ਤੇ ਕੁਝ ਮੁਸਲਿਮ ਵੀਰ ਨਮਾਜ ਅਦਾ ਕਰ ਰਹੇ ਸਨ । ਕੀ ਦੇਖਿਆ ਕਿ ਇਹਨਾਂ ਵੀਰਾਂ ਦੇ ਆਲੇ ਦੁਆਲੇ ਸਿੱਖ ਵੀਰਾਂ ਨੇ ਇਕ ਘੇਰਾ ਬਣਾ ਲਿਆ ਤਾਂਕਿ ਮੁਸਲਿਮ ਵੀਰਾਂ ਨੂੰ ਨਮਾਜ ਪੜ੍ਹਨ ਵਿਚ ਕੋਈ ਵੀ ਖਲਲ ਨਾ ਪਵੇ। ਵਾਹ ਓ ਮੇਰੇ ਪਾਤਸ਼ਾਹ ! ਕੀ ਰੂਹ ਫੂਕੀ ਹੈ ਆਪਣੇ ਸਿੱਖ ਵਿਚ, ਦੁਨੀਆਂ ਵਿਚ ਜਿਥੇ ਧਰਮ ਦੇ ਨਾਮ ਤੇ ਲੜਾਈਆਂ ਚਲ ਰਹੀਆਂ ਹਨ, ਨਫਰਤ ਦੀ ਰਾਜਨੀਤੀ ਆਪਣੇ ਸ਼ਿਖਰ ਤੇ ਹੈ, ਉਥੇ ਤੇਰਾ ਖਾਲਸਾ ਪਿਆਰ ਦੇ ਸੁਨੇਹੇ ਵੰਡ ਹੀ ਨਹੀਂ ਰਿਹਾ, ਹੰਢਾ ਕੇ ਵੀ ਦਿਖਾ ਰਿਹਾ ਹੈ।

ਇਹ ਪਹਿਲੇ ੨-੩ ਦ੍ਰਿਸ਼ ਵੇਖ ਕੇ ਹੀ ਸਾਨੂੰ ਸਮਝ ਆ ਗਈ ਸੀ ਕਿ ਅਗਲੇ ੨ ਦਿਨ ਸਾਡੇ ਕਿਸ ਰੰਗ ਵਿਚ ਨਿਕਲਣ ਵਾਲੇ ਹਨ।

ਮੰਨ ਸੀ ਕਿ ਅੱਜ ਸਾਰੇ ਮੋਰਚੇ ਨੂੰ ਦੇਖ ਆਈਏ। ਜਗ੍ਹਾ ਜਗ੍ਹਾ ਲੰਗਰ ਲਗੇ ਸਨ, ਖਾਣ ਪੀਣ ਦੇ, ਦਵਾਈਆਂ ਦੇ, ਕਿਤਾਬਾਂ ਦੇ। ਮੀਡਿਆ ਵਾਲੇ ਕਾਫੀ ਹੈਰਾਨ ਹੁੰਦੇ ਰਹੇ ਨੇ ਕਿ ਇਹਨਾਂ ਦੇ ਇਥੇ ਲੰਗਰ ਕਿਦਾਂ ਲੱਗ ਰਹੇ ਨੇ, ਪੈਸੇ ਕਿਥੋਂ ਆ ਰਹੇ ਨੇ ਲੰਗਰਾਂ ਲਈ। ਖੈਰ ਇਸਦਾ ਜਵਾਬ ਤੇ ਕੋਈ ਨਹੀਂ ਦੇ ਸਕਦਾ, ਬਸ ਇਕ ਉਧਾਰਣ ਦੇ ਕੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਕਿ ਬਾਬੇ ਨਾਨਕ ਦਾ ਲੰਗਰ ਤੇ ਹੁਣ ਸੀਰੀਆ ਵਿਚ ਵੀ ਲੱਗਾ ਹੈ, ਇਥੇ ਤਾਂ ਫੇਰ ਇਹ ਪੰਜਾਬ ਦੇ ਕਿਸਾਨ ਆਪਣੇ ਭਰਾਵਾਂ ਲਈ ਲਗਾ ਰਹੇ ਹਨ।

ਅਸੀਂ ਹਲੇ ੧ ਕਿਲੋਮੀਟਰ ਹੀ ਚੱਲੇ ਸੀ ਕਿ ਸਾਨੂੰ ਪਤਾ ਲੱਗਾ ਇਹ ਕਾਫ਼ਿਲਾ ੨੦ ਕਿਲੋਮੀਟਰ ਤੱਕ ਹੈ। ਇਹ ਸੁਣ ਕੇ ਸਾਡਾ ਪੂਰਾ ਕਾਫ਼ਿਲਾ ਦੇਖਣ ਦਾ ਵਿਚਾਰ ਪਤਰਾ ਵਾਚ ਗਿਆ। ਅਸੀਂ ਫੈਸਲਾ ਕੀਤਾ ਕਿ ਕੁਝ ਦੇਰ ਸੇਵਾ ਕੀਤੀ ਜਾਵੇ। ਥੋੜਾ ਸੋਚਣ ਤੋਂ ਬਾਅਦ ਅਸੀਂ ਖਾਲਸਾ ਏਡ ਵਾਲੇ ਟੈਂਟ ਵੱਲ ਚਾਲੇ ਪਾਏ ।

ਖਾਲਸਾ ਏਡ ਦੇ ਟੈਂਟ ਦੇ ਬਾਹਰ ਲਿਖਿਆ ਸੀ “ਖਾਲਸਾ ਏਡ ਕਿਸਾਨ ਮਾਲ”। ਹਾਂਜੀ, ਇਥੇ ਕਿਸਾਨਾਂ ਲਈ ਹਰ ਜਰੂਰੀ ਸਮਾਨ ਜਿਵੇਂ ਕਛਹਿਰੇ, ਮਫ਼ਲਰ, ਵਾਰਮਰ, ਟੂਥਪੇਸਟ, ਤੇਲ ਆਦਿ ਮੁਫ਼ਤ ਦਿੱਤਾ ਜਾ ਰਿਹਾ ਸੀ। ਅਸੀਂ ਸੇਵਾ ਲਾਉਣ ਦੀ ਗੱਲ ਕੀਤੀ ਤੇ ਸਾਨੂੰ ਵੀ ਬਾਕੀ ਵੌਲੰਟੀਰਾਂ ਵਾਂਗ ਕਿਸਾਨਾਂ ਨੂੰ ਸਮਾਨ ਮੁਹੱਈਆ ਕਰਵਾਉਣ ਦੀ ਡਿਊਟੀ ਲਗਾਈ ਗਈ। ਸਾਰੇ ਸੇਵਾਦਾਰ ਬੜੇ ਜੋਸ਼ ਨਾਲ ਸੇਵਾ ਵਿਚ ਲੱਗੇ ਸਨ। ਅਸੀਂ ਕਈ ਹੋਰ ਸੰਗਠਨਾਂ ਨਾਲ ਸੇਵਾ ਕੀਤੀ ਸੀ ਪਰ ਖਾਲਸਾ ਏਡ ਇਕ ਇਹੋ ਜਿਹੀ ਸੰਸਥਾ ਹੈ ਜੋ ਸਿੱਖੀ ਦੇ ਮੁਢਲੇ ਸਿਧਾਂਤ ਨਿਰਵੈਰਤਾ ਅਤੇ ਨਿਡਰਤਾ ਤੇ ਪੂਰਾ ਪਹਿਰਾ ਦਿੰਦੀ ਹੈ। ਜੱਦ ਗੱਲ ਸੱਚ ਦੀ ਹੋਵੇ ਤੇ ਖਾਲਸਾ ਏਡ ਸਰਕਾਰਾਂ ਦੇ ਖਿਲਾਫ ਲੜੇ ਜਾ ਰਹੇ ਹਰ ਸੰਘਰਸ਼ ਵਿਚ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਖਾਲਸਾ, ਅਕਾਲ ਪੁਰਖ ਤੋਂ ਸਿਵਾਏ ਕਿਸੇ ਹੋਰ ਦੀ ਪਾਤਸ਼ਾਹੀ ਨਹੀਂ ਮੰਨਦਾ, ਇਹ ਅਸੂਲ ਖਾਲਸਾ ਏਡ ਵਾਲੇ ਵੀਰ, ਆਪਣੇ ਕੰਮਾਂ ਨਾਲ ਸਹਿਜ ਹੀ ਸਮਝਾਂਦੇ ਰਹੇ ਹਨ ।

ਸ਼ਾਮ ਦੇ ੫ ਵਜੇ ਕਿਸਾਨ ਮਾਲ ਬੰਦ ਹੋ ਗਿਆ। ਫੇਰ ਅਸੀਂ ਅਗਲੇ ਦਿਨ ਦੀ ਤਿਆਰੀ ਲਈ ਜੋ ਸਮਾਨ ਖਤਮ ਹੋਇਆ ਸੀ ਉਸ ਨੂੰ ਰੈਕਸ ਵਿਚ ਭਰਨਾ ਸ਼ੁਰੂ ਕਰ ਦਿੱਤਾ। ੬ ਵੱਜੇ ਦੇ ਕਰੀਬ ਇਹ ਸੇਵਾ ਸਮਾਪਤ ਹੋ ਗਈ । ਖਾਲਸਾ ਏਡ ਨੇ ਰਾਤ ਕੱਟਣ ਨੂੰ ਰੈਣ ਬਸੇਰਾ ਵੀ ਬਣਾਇਆ ਸੀ ਸੋ ਸਾਨੂੰ ਵੀ ਸੌਣ ਲਈ ਉਥੇ ਹੀ ਜਗ੍ਹਾ ਮਿਲ ਗਈ । ਮੈਂ ਸੋਚਿਆ, ਮਨਾ ਹੈਦਰਾਬਾਦ ਤੋਂ ਚੱਲਣ ਲੱਗਿਆਂ ਡਰ ਰਿਹਾ ਸੀ ਕਿ ਜਨਵਰੀ ਦੀ ਇਸ ਠੰਡ ਵਿਚ ਰਾਤ ਕਿਥੇ ਕਟੇਂਗਾ । ਪਹਿਲਾਂ ਤਾਂ ਦਿੱਲੀ ਪਹੁੰਚਦੇ ਹੀ ਮਿੱਤਰ ਕੰਬਲ ਲੈ ਆਇਆ ਤੇ ਹੁਣ ਸ਼ਾਇਦ ਅਕਾਲ ਪੁਰਖ ਨੇ ਮੇਰੀ ਸੋਚ ਦੀ ਆਣ ਭੰਨਣੀ ਸੀ, ਸੋ ਮਿੱਤਰ ਦੁਆਰਾ ਲਿਆਏ ਕੰਬਲ ਦੀ ਵੀ ਲੋੜ ਨਾ ਪਈ ਤੇ ਸੌਣ ਦਾ ਸੋਹਣਾ ਪ੍ਰਬੰਧ ਹੋ ਗਿਆ। ਨਾਲ ਆਏ ਇਕ ਵੀਰ ਨੂੰ ਪਤਾ ਲੱਗਾ ਕਿ ਨੇੜੇ ਹੀ ਅਖੰਡ ਕੀਰਤਨੀ ਜਥੇ ਵਾਲੇ ਟੈਂਟ ਵਿਚ ਕੀਰਤਨ ਚਲ ਰਿਹਾ ਹੈ, ਸੋ ਅਸੀਂ ਚਾਰੋ ਉਥੇ ਕੀਰਤਨ ਸੁਨਣ ਚਲੇ ਗਏ । ਕੀਰਤਨ ਦੀ ਸਮਾਪਤੀ ਤੋਂ ਬਾਅਦ ਉਥੇ ਹੀ ਲੰਗਰ ਛਕਿਆ ਤੇ ਵਾਪਿਸ ਰੈਣ ਬਸੇਰੇ ਵਿਚ ਆਕੇ ਸੌਂ ਗਏ।

ਅਗਲੇ ਦਿਨ ਸਵੇਰੇ ਨਿਤਨੇਮ ਤੋਂ ਬਾਦ ਅਸੀਂ ਮੋਰਚੇ ਵਿਚ ਚਲ ਰਹੀਆਂ ਹੋਰ ਸੇਵਾਵਾਂ ਵੇਖਣ ਨਿਕਲ ਪਏ ।

ਸਾਡੀ ਨਜਰ ਸਾਂਝੀ ਸੱਥ ਨਾਮ ਦੇ ਟੈਂਟ ਤੇ ਪਈ। ਉਥੇ ਪਹੁੰਚ ਕੇ ਵੇਖਿਆ ਕਿ ਸਿੰਘੁ ਬਾਰਡਰ ਦੇ ਨੇੜੇ ਰਹਿਣ ਵਾਲੇ ਗਰੀਬ ਬੱਚਿਆਂ ਲਈ ਇਕ ਅਸਥਾਈ ਸਕੂਲ ਬਣਾਇਆ ਗਿਆ ਹੈ, ਜਿਥੇ ਕਈ ਬਚੇ ਫ੍ਰੀ ਵਿਚ ਪੜ੍ਹ ਰਹੇ ਨੇ। ਅਸੀਂ ਇਕ ਸੇਵਾਦਾਰ ਨਾਲ ਗੱਲ ਕੀਤੀ ਜਿਸਨੇ ਬੜੇ ਪਿਆਰ ਨਾਲ ਸਾਨੂੰ ਪੂਰੀ ਸੇਵਾ ਬਾਰੇ ਜਾਣਕਾਰੀ ਦਿੱਤੀ । ਅਸੀਂ ਪੁੱਛਿਆ ਸਕੂਲ ਲਈ ਕੋਈ ਮਾਇਕ ਲੋੜ ਹੈ ਤੇ ਦੱਸੋ, ਵੀਰ ਕਹਿੰਦਾ ਚੜ੍ਹਦੀਕਲਾ ਹੈ , ਸਾਨੂੰ ਆਪ ਨਹੀਂ ਪਤਾ ਇਹ ਕਿਵੇਂ ਹੋ ਰਿਹਾ ਹੈ ਪਰ ਜਿਨ੍ਹਾਂ ਸਮਾਨ ਇਥੇ ਚਾਹੀਦਾ ਹੈ ਉਸਤੋਂ ਵੱਧ ਹੀ ਉਹ ਪਿਛਲੇ ਟੈਂਟ ਵਿਚ ਪਿਆ ਹੈ । ਹੁਣ ਤਕ ਅਸੀਂ ਇਸ ਵਾਕ ਦੇ ਆਦੀ ਹੋ ਚੁਕੇ ਸਾਂ ਕਿ ਸਾਨੂੰ ਨਹੀਂ ਪਤਾ ਸਬ ਕਿਵੇਂ ਚਲੀ ਜਾ ਰਿਹਾ ਹੈ । ਇਹ ਗੁਰੂ ਸਾਹਿਬ ਦੀ ਖੇਡ ਚਾਹੇ ਅਕਲ ਤੋਂ ਪਰੇ ਸੀ ਪਰ ਵਿਖ ਤੇ ਸਬ ਨੂੰ ਰਹੀ ਸੀ । ਵੀਰ ਨਾਲ ਹੋਰ ਗੱਲ ਹੋਈ ਤੇ ਪਤਾ ਲਗਾ ਕਿਸਾਨਾਂ ਦਾ, ਕਿਰਤੀਆਂ ਦਾ , ਨੁਕਸਾਨ ਵੀ ਕਾਫੀ ਹੋ ਰਿਹਾ ਹੈ, ਪਹਿਲਾਂ ਹੀ ਕੰਮ ਬੰਦ ਨੇ ਤੇ ਦੂਜਾ ਮੋਰਚੇ ਤੇ ਵੀ ਮਾਇਕ ਖਰਚੇ ਹੁੰਦੇ ਨੇ , ਪਰ ਇਥੇ ਸਬ ਚੜ੍ਹਦੀਕਲਾ ਵਿਚ ਨੇ ਤੇ ਮੋਰਚਾ ਫਤਿਹ ਕਰਕੇ ਹੀ ਜਾਣਗੇ । ਇਕ ਪਲ ਲਈ ਮੈਂ ਸੋਚੀ ਪੈ ਗਿਆ, ਮੈਂ ਇਸ ਮੋਰਚੇ ਦਾ ਹਿੱਸਾ ਬਨਣ ਆਇਆ ਤਾਂ ਸੀ ਪਰ ਮੈਂ ਇਹ ਪੂਰਾ ਧਿਆਨ ਰੱਖਿਆ ਸੀ ਕਿ ਮੈਂ ਆਪਣੀ ਨੌਰਕੀ ਤੋਂ ਛੁਟੀ ਨਾ ਲਵਾਂ ਤੇ ਐਤਵਾਰ ਤਕ ਵਾਪਿਸ ਹੈਦਰਾਬਾਦ ਪਹੁੰਚ ਜਾਵਾਂ ਪਰ ਇਥੇ ਗੁਰੂ ਕੇ ਲਾਲ ਆਪਣਾ ਸਬ ਛੱਡ ਕੇ ਸੇਵਾ ਤੇ ਬੈਠੇ ਸਨ ਤੇ ਕਿਸੇ ਅਜੀਬ ਰੰਗ ਵਿਚ ਖੁਸ਼ ਸਨ।

ਇੰਨਾ ਵਿਚਾਰਾਂ ਨਾਲ ਅਸੀਂ ਸਾਂਝੀ ਸੱਥ ਤੋਂ ਇਜਾਜਤ ਲਿੱਤੀ ਤੇ ਅਗਲੀ ਸੇਵਾ ਵੇਖਣ ਚੱਲ ਪਏ।

ਅਸੀਂ ਕਲ ਵੀ ਵੇਖਿਆ ਸੀ ਕਿ ਹੇਮਕੁੰਟ ਸੰਸਥਾ ਨੇ ਇਕ ਟੈਂਟ ਸਿਟੀ ਬਣਾ ਦਿਤੀ ਹੈ। ਕਿੰਨੇ ਹੀ ਛੋਟੇ ਛੋਟੇ ਟੈਂਟ ਲਗਾ ਦਿਤੇ ਹਨ ਤਾਂ ਜੋ ਬੀਬੀਆਂ ਰਾਤ ਨੂੰ ਰਾਮ ਨਾਲ ਸੌਂ ਸਕਣ । ਅਸੀ ਇਸ ਸੰਸਥਾ ਦੇ ਇਕ ਵੀਰ ਨਾਲ ਵੀ ਗੱਲ ਕੀਤੀ । ਉਸਨੇ ਦੱਸਿਆ ਕਿ ਭਰਾ ਤੇ ਟ੍ਰਾਲੀਆਂ ਵਿਚ ਸੌਂ ਲੈਂਦੇ ਸੀ ਪਰ ਭੈਣਾਂ ਨੂੰ ਦਿੱਕਤ ਆ ਰਹੀ ਸੀ ਸੋ ਅਸੀ ਇਥੇ ਇਕ ਟੈਂਟ ਸਿਟੀ ਬਣਾ ਦਿਤੀ ਹੈ ਜਿਥੇ ਕੰਬਲ ਗੱਦੇ ਵਗੈਰਾ ਹਰ ਟੈਂਟ ਵਿਚ ਮੌਜੂਦ ਹਨ । ਇਹ ਇਕ ਬੜੀ ਨਿਵੇਕਲੀ ਜਿਹੀ ਸੋਚ ਤੇ ਸੇਵਾ ਸੀ ।ਸੱਚ ਹੈ ਕਿ, ਜਿਵੇਂ ਜਿਵੇਂ ਬੱਚਿਆਂ ਨੂੰ ਲੋੜ ਪੈਂਦੀ ਹੈ ਗੁਰੂ ਸਾਹਿਬ ਆਪ ਹੀ ਆਪਣੇ ਬੱਚਿਆਂ ਨੂੰ ਸੇਵਾ ਦੇ ਨਵੇਂ ਤੋਂ ਨਵੇਂ ਤਰੀਕੇ ਸੁਝਾ ਦੇਂਦੇ ਨੇ । ਅਸੀਂ ਉਥੇ ਖੜੇ ਹੀ ਸਾਂ ਕਿ ਜ਼ੋਰ ਦੀ ਮੀਂਹ ਪੈਣ ਲੱਗਾ । ਠੰਡ ਤੇ ਪਹਿਲਾਂ ਹੀ ਕਾਫੀ ਸੀ, ਮੀਂਹ ਨੇ ਹੋਰ ਵਧਾ ਦਿੱਤੀ । ਜੱਦੋਂ ਮੀਂਹ ਰੁਕਿਆ ਅਸੀਂ ਵੀਰ ਦਾ ਨੰਬਰ ਲਿਆ ਤੇ ਫਤਿਹ ਬੁਲਾਈ ।

ਹੁਣ ਅਸੀਂ ਸਿੱਖ ਸਿਆਸਤ ਦੇ ਟੈਂਟ ਵੱਲ ਵਧ ਰਹੇ ਸਾਂ । ਰਸਤੇ ਵਿਚ ਕਈ ਚੀਜਾਂ ਨੇ ਬਦਲਦੇ ਪੰਜਾਬ ਦੀ ਝਲਕ ਦਿਤੀ । ਲੱਕ ੨੮ ਗਾਣਿਆਂ ਤੇ ਥਿਰਕਣ ਵਾਲੇ ਨੌਜਵਾਨ ਹੁਣ ਬਾਵੇ ਦਾ “ਪੰਜਾਬ ਬੋਲਦਾ” ਸੁਣ ਰਹੇ ਸਨ । ਵੈੱਲੀਪੁਣੇ ਵਾਲੇ ਗਾਣਿਆਂ ਨੂੰ ਉੱਚੀ ਅਵਾਜ ਵਿਚ ਸੁਨਣ ਵਾਲੇ ਗਬਰੂ ਆਪਣੇ ਟਰੈਕਟਰਾਂ ਤੇ ਕਿਸਾਨ ਐਂਥੇਮ ਵੱਜਾ ਰਹੇ ਸਨ । ਇਸ ਮੋਰਚੇ ਨੇ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਵਿਕ ਰਹੇ ਗੰਦ ਨੂੰ ਬਿਲਕੁਲ ਬੰਦ ਕਰਵਾ ਦਿਤਾ ਸੀ । ਹੁਣ ਤੇ ਗਾਇਕ ਤੇ ਲਿਖਾਰੀ ਵੀ ਇਤਹਾਸ ਵਿਚੋਂ ਵਾਰਾਂ ਪੜ੍ਹ ਕੇ ਗੀਤ ਲਿਖ ਤੇ ਗਾ ਰਹੇ ਸਨ ।

 ਅਸੀਂ ਸਿੱਖ ਸਿਆਸਤ ਵਾਲੇ ਟੈਂਟ ਵਿਚ ਵੀਰ ਜੀ ਨੂੰ ਮਿਲੇ ਤੇ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ । ਜਿੰਨੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ, ਬੈਰੀਕੇਡ ਲਗਾਏ ਸੀ, ਸੜਕ ਪੁੱਟੀ ਸੀ, ਠੰਡੇ ਪਾਣੀ ਦੀਆਂ ਬੌਸ਼ਾਰਾਂ ਪਈਆਂ ਸਨ, ਇਥੇ ਤੱਕ ਪਹੁੰਚ ਜਾਣਾ ਇਨਸਾਨੀ ਬਸ ਨਹੀਂ ਸੀ। ਇਥੇ ਕਲਾ ਵਰਤ ਰਹੀ ਹੈ। ਇਨਾ ਕਿਸਾਨੀ ਲੀਡਰਾ ਵਿਚੋਂ ਕਈ ਕਾਮਰੇਡ ਨੇ ਜੋ ਕਿ ਨਾਸਤਕ ਹੁੰਦੇ ਨੇ ਪਰ ਇਸ ਸੰਗਰਸ਼ ਵਿਚ ਉਹਨਾਂ ਨੇ ਵੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ। ਉਹਨਾ ਨੂੰ ਵੀ ਇਹ ਸਮਝ ਲੱਗ ਗਈ ਹੈ ਕਿ ਜੱਦੋਂ ਵੀ ਕਦੇ ਸੰਗਰਸ਼ ਸਰਕਾਰਾਂ ਦੇ ਗ਼ਲਤ ਵਤੀਰੇ ਖਿਲਾਫ ਹੋਵੇਗਾ, ਉਸ ਨੂੰ ਸਿੱਖ ਸਿਧਾਂਤ ਹੀ ਲੀਡ ਕਰ ਸਕਦੇ ਨੇ। ਵੀਰ ਨੇ ਇਕ ਹੋਰ ਬਹੁਤ ਸੋਹਣੀ ਗੱਲ ਕਹੀ ਕੇ ਇਹ ਮੋਰਚੇ ਦਾ ਕੋਈ ਮਨੁੱਖੀ ਲੀਡਰ ਨਹੀਂ ਹੈ ਜੇ ਹੁੰਦਾ ਤੇ ਹੁਣ ਤਕ ਸਰਕਾਰ ਉਸਨੂੰ ਤੋੜ ਚੁਕੀ ਹੁੰਦੀ । ਇਸ ਨੂੰ ਲੋਕ ਆਪ ਚਲਾ ਰਹੇ ਨੇ ਪਰ, ਅਸੀਂ ਤਾਂ ਵੇਖ ਆਏ ਸਾਂ ਕੇ ਜੇ ਲੋਕਾਂ ਨੂੰ ਪੁਛੋ ਤੇ ਏਹੋ ਜਵਾਬ ਮਿਲਦਾ ਹੈ ਕਿ ਸਭ ਆਪੇ ਹੋ ਰਿਹਾ ਹੈ। ਓਹੀ ਜਵਾਬ ਜੋ ਅਸੀਂ ਦੋ ਦਿਨ ਤੋਂ ਸੁਣ ਰਹੇ ਸਾਂ ਤੇ ਮਨ ਵਿਚ ਕੁਝ ਇਲਾਹੀ ਵਰਤਦਾ ਵੀ ਮਹਿਸੂਸ ਕਰ ਰਹੇ ਸਾਂ।

ਦੁਪਹਿਰ ਹੋ ਗਈ ਸੀ ਸੋ ਅਸੀਂ ਵੀਰਜੀ ਤੋਂ ਇਜਾਜਤ ਲਈ ਤੇ ਦੁਬਾਰਾ ਖਾਲਸਾ ਏਡ ਕਿਸਾਨ ਮਾਲ ਵੱਲ ਨੂੰ ਸੇਵਾ ਲਈ ਚੱਲ ਪਏ।

ਕਿਸਾਨ ਮਾਲ ਪਹੁੰਚ ਕੇ ਅਸੀਂ ਸੇਵਾ ਸ਼ੁਰੂ ਕੀਤੀ। ਉਥੇ ਬੈਠੇ ਇਕ ਵੀਰਜੀ ਚਾਹ ਵਰਤਾ ਰਹੇ ਸੀ । ਕਹਿਣ ਲਗੇ ‘ਮੀਂਹ ਨਾਲ ਠੰਡ ਵੱਧ ਗਈ ਹੈ ਪਿਆਰਿਓ, ਚਾਹ ਪੀਓ’। ਚਾਹ ਫੱੜ ਦੇ ਹੋਏ ਇਕ ਵੀਰ ਨੇ ਕਿਹਾ ਮੀਂਹ ਪਾਕੇ ਤੇ ਗੁਰੂ ਸਾਹਿਬ ਚੈੱਕ ਕਰ ਰਹੇ ਨੇ ਕਿਤੇ ਕੱਚੇ ਤਾਂ ਨਹੀਂ , ਇਹ ਕਹਿੰਦੇ ਹੋਏ ਉਹਨਾਂ ਦੇ ਮੂੰਹ ਤੇ ਇਕ ਸ਼ਾਂਤਮਈ ਮੁਸਕਾਨ ਸੀ। ਮੈਂ ਮਨ ਵਿਚ ਸੋਚ ਰਿਹਾ ਸੀ ਕਿ ਇਹਨਾਂ ਨੂੰ ਸਰਕਾਰ ਕਿਥੋਂ ਹਰਾ ਦੇਵੇਗੀ , ਇਹ ਤੇ ਅਜਿੱਤ ਨੇ ।

ਪਤਾ ਹੀ ਨਹੀਂ ਲਗਾ ਕੱਦੋਂ ਸਾਢੇ ਪੰਜ ਵੱਜ ਗਏ ਤੇ ਸਾਡੇ ਨਿਕਲਣ ਦਾ ਸਮਾਂ ਹੋ ਗਿਆ । ਸਾਡੇ ਵਿਚ ਕਿਸੇ ਦਾ ਵਾਪਿਸ ਜਾਣ ਦਾ ਮਨ ਨਹੀਂ ਸੀ ਕਰ ਰਿਹਾ । ਦੋਬਾਰਾ ਕਦੋਂ ਆਉਣਾ ਹੈ, ਇਹ ਪਲਾਨ ਸ਼ੁਰੂ ਹੋ ਗਿਆ ਸੀ । ਵਰਤ ਰਹੇ ਕੌਤਕ ਬਾਰੇ ਸੋਚਦੇ, ਗੱਲਾਂ ਕਰਦੇ ਅਸੀਂ ਏਅਰਪੋਰਟ ਵੱਲ ਨਿਕਲ ਪਏ।

ਫਲਾਈਟ ਵਿਚ ਬੈਠ ਕੇ ਮੈਂ ਕਈ ਵਾਰ ਸੌਂਣ ਦੀ ਕੋਸ਼ਿਸ਼ ਕੀਤੀ ਪਰ ਬਾਰ ਬਾਰ ਮੋਰਚੇ ਦੇ ਦ੍ਰਿਸ਼ ਦਿੱਖ ਰਹੇ ਸਨ। ਮੇਰੀ ਇਕ ਭੈਣ ਨੇ ਮੋਰਚੇ ਦੀ ਥਾਂ ਦੀ ਮਿੱਟੀ ਮੰਗਵਾਈ ਸੀ। ਉਸਦੀ ਭਾਵਨਾ ਨੂੰ ਹੁਣ ਮੈਂ ਇਨ ਬਿਨ ਮਹਿਸੂਸ ਕਰ ਰਿਹਾ ਸੀ। ਜਿਹੜੇ ਇਤਿਹਾਸ ਅਸੀਂ ਸੁਣੇ ਸੀ, ਜਿਹੜੇ ਇਤਿਹਾਸ ਅਸੀਂ ਪੜੇ ਸੀ, ਜੱਦ ਉਹ ਅਸਲੀਅਤ ਵਿਚ ਵਾਪਰ ਰਹੇ ਹੋਣ ਤਾਂ ਉਸ ਥਾਂ ਦੀ ਮਿੱਟੀ ਵਿਚ ਵੀ ਉਹ ਹੀ ਰੂਹਾਨੀਯਤ ਵਿਚਰ ਰਹੀ ਹੁੰਦੀ ਹੈ ਜੋ ਇਤਿਹਾਸ ਦੇ ਸਾਕਿਆਂ ਦੇ ਸਥਾਨਾਂ ਤੇ ਵਿਚਰੀ ਸੀ।

ਜਿਹੜੇ ਸਿੱਖੀ ਦੇ ਅਸੂਲ ਅਸੀਂ ਕੋਸ਼ਿਸ਼ ਕਰਦੇ ਸੀ ਸਮਝਣ ਦੀ, ਆਪਣੇ ਬੱਚਿਆਂ ਨੂੰ ਸਮਝਾਣ ਦੀ, ਅੱਜ ਉਹ ਅਸੀਂ ਆਪਣੀ ਅੱਖੀਂ ਵੇਖ ਕੇ ਆ ਰਹੇ ਸੀ ।ਅਸੀਂ ਵੇਖਿਆ ਸੀ ਕੀ ਕਿਵੇਂ ਖਾਲਸਾ ਇਸ ਨਫਰਤ ਦੇ ਮਾਹੌਲ ਵਿਚ ਵੀ ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ ਤੇ ਪਹਿਰਾ ਦਿੰਦਾ ਹੈ । ਅਸੀਂ ਵੇਖਿਆ ਸੀ ਕਿ ਖਾਲਸਾ ਲੰਗਰ ਸਿਰਫ ਖਾਣੇ ਦੇ ਹੀ ਨਹੀਂ ਬਲਕਿ ਕਿਤਾਬਾਂ ਦੇ, ਦਵਾਈਆਂ ਦੇ, ਟੈਂਟਾਂ ਦੇ, ਸਕੂਲਾਂ ਦੇ ਵੀ ਲਗਾਂਦਾ ਹੈ । ਅਸੀਂ ਵੇਖਿਆ ਸੀ ਕਿ ਕਿਵੇਂ ਖਾਲਸਾ ਸਿਰਫ ਤੇ ਸਿਰਫ ਅਕਾਲ ਪੁਰਖ ਦੀ ਪਾਤਸ਼ਾਹੀ ਮੰਨਦਾ ਹੈ । ਅਸੀਂ ਵੇਖਿਆ ਸੀ ਕਿ ਜੱਦ ਗੱਲ ਅਸੂਲ ਦੀ ਆ ਜਾਵੇ ਤੇ ਖਾਲਸਾ ਆਪਣੇ ਘਰ ਬਾਰ ਛੱਡ ਕੇ ੧ ਡਿਗਰੀ ਤਾਪਮਾਨ ਵਿਚ ਵੀ ਸੜਕਾਂ ਤੇ ਰਹਿਕੇ ਬੜੇ ਚਾਅ ਨਾਲ ਕਹਿੰਦਾ ਹੈ ਕਿ ਗੁਰੂ ਸਾਹਿਬ ਚੈੱਕ ਕਰ ਰਹੇ ਆ ਕਿ ਕਿਤੇ ਕੱਚੇ ਤਾਂ ਨਹੀਂ।

ਪਰ ਸਬ ਤੋਂ ਵੱਡੀ ਗੱਲ, ਅਸੀਂ ਵੇਖਿਆ ਸੀ ਕਿ ਇਹ ਸਬ ਇਨਸਾਨ ਨਹੀਂ ਕਰ ਰਹੇ ਸੀ………

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,